ਸੰਗਰੂਰ: ਸਮੂਹ ਲਾਇਸੰਸਸ਼ੁਦਾ ਹਥਿਆਰ ਰੱਖਣ ਵਾਲੇ ਵਿਅਕਤੀਆਂ ਨੂੰ ਅਸਲਾ ਨਾਲ ਰੱਖਣ ਜਾਂ ਨਾਲ ਚੁੱਕਣ 'ਤੇ ਪੂਰਨ ਪਾਬੰਦੀ
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵਧੀਕ ਜਿ਼ਲ੍ਹਾ ਮੈਜਿਸਟਰੇਟ ਵੱਲੋਂ ਹੁਕਮ ਜਾਰੀ
ਦਲਜੀਤ ਕੌਰ
ਸੰਗਰੂਰ, 22 ਅਪ੍ਰੈਲ, 2024: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵਧੀਕ ਜਿ਼ਲ੍ਹਾ ਮੈਜਿਸਟਰੇਟ ਸੰਗਰੂਰ ਆਕਾਸ਼ ਬਾਂਸਲ ਨੇ ਜ਼ਾਬਤਾ ਫੌਜਦਾਰੀ 1973 ਦੀ ਧਾਰਾ 144 ਅਧੀਨ ਅਤੇ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਪੱਤਰ ਵਿੱਚ ਦਰਜ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜਿ਼ਲ੍ਹਾ ਸੰਗਰੂਰ ਵਿੱਚ ਸਮੂਹ ਲਾਇਸੰਸਸ਼ੁਦਾ ਹਥਿਆਰ ਰੱਖਣ ਵਾਲੇ ਵਿਅਕਤੀਆਂ ਨੂੰ ਅਸਲਾ ਨਾਲ ਰੱਖਣ ਜਾਂ ਨਾਲ ਚੁੱਕਣ 'ਤੇ ਪੂਰਨ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਇਹ ਆਮ ਵੇਖਣ ਵਿੱਚ ਆਇਆ ਹੈ ਕਿ ਚੋਣਾਂ ਦੌਰਾਨ ਲੜਾਈ ਝਗੜੇ ਹੋਣ ਦਾ ਅੰਦੇਸ਼ਾ ਬਣਿਆ ਰਹਿੰਦਾ ਹੈ। ਜਿਸ ਨੂੰ ਧਿਆਨ ਵਿੱਚ ਰਖਦਿਆਂ ਚੋਣਾਂ ਦੌਰਾਨ ਅਮਨ ਤੇ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਲਾਇਸੰਸਸ਼ੁਦਾ ਹਥਿਆਰ ਰੱਖਣ ਵਾਲੇ ਅਸਲਾਧਾਰੀਆਂ ਨੂੰ ਅਸਲਾ ਨਾਲ ਰੱਖਣ ਜਾਂ ਨਾਲ ਚੁੱਕਣ *ਤੇ ਪਾਬੰਦੀ ਲਗਾਉਣਾ ਜ਼ਰੂਰੀ ਹੈ ਤਾਂ ਜੋ ਕਿਸੇ ਕਿਸਮ ਦੀ ਅਣਹੋਣੀ ਘਟਨਾ ਨਾ ਵਾਪਰੇ।ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਜੇਕਰ ਕੋਈ ਵਿਅਕਤੀ ਇਨ੍ਹਾਂ ਹੁਕਮਾਂ ਦੀ ਪਾਲਣਾ ਨਹੀਂ ਕਰਦਾ ਹੈ ਤਾਂ ਇਸ ਸੂਰਤ ਵਿੱਚ ਜਾਬਤਾ ਫੌਜਦਾਰੀ ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਅਸਲਾ ਲਾਇਸੰਸ ਰੱਦ ਕਰ ਦਿੱਤਾ ਜਾਵੇਗਾ। ਵਧੀਕ ਜਿ਼ਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਇਹ ਹੁਕਮ ਆਰਮੀ ਪਰਸਨ, ਪੈਰਾ ਮਿਲਟਰੀ ਫੋਰਸਜ਼, ਡਿਊਟੀ 'ਤੇ ਤਾਇਨਾਤ ਪੁਲਿਸ ਕਰਮਚਾਰੀ ਅਤੇ ਜਿ਼ਲ੍ਹੇ ਵਿੱਚ ਸਥਿਤ ਬੈਂਕਾਂ ਦੀ ਰਾਖੀ ਕਰਨ ਵਾਲੇ ਅਸਲਾ ਲਾਇਸੰਸੀਆਂ 'ਤੇ ਲਾਗੂ ਨਹੀਂ ਹੋਵੇਗਾ। ਇਹ ਹੁਕਮ 4 ਜੂਨ 2024 ਤੱਕ ਲਾਗੂ ਰਹੇਗਾ।